Sunday, March 18, 2018

ਕਾਫ਼ਿਰ ਗੁਜ਼ਰ ਗਿਆ

ਸੁਣਿਆ ਕਿ ਲੋਕ ਕਹਿੰਦੇ ਨੇ ਕਾਫ਼ਿਰ ਗੁਜ਼ਰ ਗਿਆ
ਜੰਨਤ ਚ ਜਾਂ ਜਹੰਨਮ ਚ ਖੌਰੇ ਕਿੱਧਰ ਗਿਆ

ਹਰ ਲਮਹਾ ਪੀ ਰਿਹਾ ਸੀ ਅਪਣੀ ਕਜ਼ਾ ਦੇ ਜਾਮ
ਮਰ ਮਰ ਕੇ ਜੀਣ ਵਾਲਾ ਆਖ਼ਰ ਨੂੰ ਮਰ ਗਿਆ

ਲਿਖਦਾ ਸੀ ਦਰਦੇ ਦਿਲ ਤੇ ਮੁਹੱਬਤ ਭਰੇ ਕਲਾਮ
ਇਸ਼ਕੇ ਦੇ ਮਾਰਿਆਂ ਦਾ ਨੂਰ ਏ ਨਜ਼ਰ ਗਿਆ

ਬਣਿਆ ਨਾ ਦੁਨੀਆਦਾਰ ਉਹ ਸ਼ਾਇਰ ਮਿਜ਼ਾਜ਼ ਸੀ
ਕੋਰੀ ਸਲੇਟ ਲਿਆਇਆ ਸੀ ਕੋਰੀ ਹੀ ਧਰ ਗਿਆ

ਤੱਕਿਆ ਸੀ ਇੱਕ ਵਾਰ ਉਸ ਸ਼ੀਸ਼ਾ ਧਿਆਨ ਨਾਲ
ਆਪਣੀ ਨਜ਼ਰ ਤੋਂ ਆਪ ਹੀ ਉਸ ਦਿਨ ਉਤਰ ਗਿਆ

ਸੁਪਨੇ ਦੇ ਵਿਚ ਮਿਲੇ ਤਾਂ ਪੁਛਾਂਗਾ ਉਸਦਾ ਰਾਜ਼
ਕਿਸਦੇ ਸਿਵੇ ਚ ਸੜਿਆ, ਕਿਸਦੀ ਕਬਰ ਗਿਆ

ਜਗਜੀਤ ਕਾਫ਼ਿਰ

No comments:

Post a Comment