Sunday, July 24, 2016

ਪਹਿਚਾਣ

ਤੂੰ ਕੌਣ ਏਂ
ਇਹ ਸਵਾਲ ਝੰਝੋੜਦਾ ਹੈ
ਮੇਰੇ ਆਪੇ ਨੂੰ ਬੇਲਿਹਾਜ
ਨਾਕਾਮ ਕੋਸ਼ਿਸ਼ ਕਰਦਾ ਹਾਂ
ਗੁਮਰਾਹ ਕਰਨ ਦੀ
ਤਰਕ ਦੇ ਰਾਹੀਂ
ਪਰ ਮੈਂ ਤਾਂ ਜਾਣਦਾ ਹਾਂ
ਕਿਨੀਂ ਕੁ ਭਾਰੀ ਹੈ
ਮੇਰੇ ਮੁਖੋਟਿਆਂ ਦੀ ਪੰਡ

ਭਟਕਣ

ਉੱਮੀਦ
ਇਹੋ ਤਾਂ ਚਾਹੀਦੀ ਹੈ
ਜਿਉਣ ਲਈ
ਕੁਝ ਕਰਨ ਲਈ
ਇਹ ਸਜਦੇ ਇਹ ਇਬਾਤਤਾਂ
ਇਹ ਮੁਹਬੱਤਾਂ
ਜ਼ਰੀਆ ਹੀ ਤਾਂ ਨੇ
ਖੁਦੀ ਨੂੰ ਪਰਚਾਉਣ ਦੇ
ਰੋਸ਼ਨੀ
ਜੋ ਸੁਨੇਹਾ ਏ
ਰੂਹ ਨੂੰ ਅਰੂਹ ਦਾ
ਤਾਰੀਕੀਆਂ ਦੇ ਅੰਤ ਦਾ
ਸਭ ਖਿਆਲ ਨੇ
ਇਹ ਰਮਜ਼ ਜਾਣਦਾ ਹਾਂ
ਲਫ਼ਜ਼ਾਂ ਦੀ ਖੇਡ ਵਿਚ
ਮਾਹਿਰ ਹਾਂ ਕਾਫਿਰ
ਆਪੇ ਨੂੰ ਭਰਮਾਉਣ ਲਈ
ਕੋਈ ਸ਼ਬਦ ਜਾਲ ਦੱਸ
ਮੇਰੀ ਬੇਚੈਨੀਆਂ ਦਾ
ਕੋਈ ਇਲਾਜ਼ ਦੱਸ
ਬੇਅਰਥ ਨੇ ਮੁਕਾਮ
ਦੌਲਤ ਦੇ ਸ਼ੋਹਰਤਾਂ ਦੇ
ਸੁਰਖਰੂ ਹੋ ਜਾਵਾਂ
ਨਫਸਾਂ ਦੇ ਬੋਝ ਤੋਂ
ਜੇ ਹੋ ਸਕੇ ਖੁਦਾਯਾ
ਅਜੇਹੀ ਤਲਾਸ਼ ਦੱਸ

Monday, July 18, 2016

ਮੈਂ ਖੋ ਗਿਆ

ਮੈਂ ਖੋ ਗਿਆ ਹਾਂ
ਤੇਰੇ ਹੀ ਖਿਆਲ ਵਿੱਚ
ਹਾਸਲ ਹੋਏ ਮਲਾਲ ਵਿੱਚ
ਇੱਕ ਸਿੱਧੇ ਜਿਹੇ ਸਵਾਲ ਵਿੱਚ
ਮੈਂ ਖੋ ਗਿਆ ਹਾਂ
ਰਿਸ਼ਤਿਆਂ ਦੇ ਜਾਲ ਵਿੱਚ
ਜਜ਼ਬਿਆਂ ਦੀ ਭਾਲ ਵਿੱਚ
ਗੁਜ਼ਰੇ ਹਰ ਸਾਲ ਵਿੱਚ
ਮੈਂ ਖੋ ਗਿਆ ਹਾਂ
ਵਕਤ ਦੀ ਚਾਲ ਵਿੱਚ
ਲੋੜਾਂ ਦੇ ਜੰਜਾਲ ਵਿੱਚ
ਬੱਸ ਆਟੇ ਦਾਲ ਵਿੱਚ
ਮੈਂ ਖੋ ਗਿਆ ਹਾਂ
ਬੇਬਸੀ ਦੇ ਹਾਲ ਵਿੱਚ
ਅਾਪੇ ਦੀ ਸੰਭਾਲ ਵਿੱਚ
ਉਮੀਦ ਦੇ ਜਲਾਲ ਵਿੱਚ
ਮੈਂ ਖੋ ਗਿਆ ਹਾਂ

Sunday, July 17, 2016

ਵਿਅੰਗ ਆਪਣੇ ਆਪ ਤੇ

ਅੈਂਵੇ ਦਾਗ਼ ਕਲਮ ਨੂੰ ਲਾਇਆ
ਸ਼ਾਇਰੀ ਦਾ ਵੀ ਮਾਣ ਘਟਾਇਆ
ਖਿਆਲਾਂ ਦੇ ਬੇਢਂਗੇ ਪਿੰਜਰ ਨੂੰ
ਖਿੱਚ ਗਜਲ ਦਾ ਜਾਮਾ ਪਾਇਆ
ਤੂੰ ਕੀ ਜਾਣੇ ਅਦਬ ਦੇ ਮਾਇਨੇ
ਲਫ਼ਜ਼ਾਂ ਸਤਰਾਂ ਦਾ ਜੋੜ ਬਿਠਾਇਆ
ਫਿਰਾਕ ਵਸਲ ਦੀ ਗੱਲਾਂ ਕਰਦਾ
ਦੱਸ ਤੂੰ ਕਿਹਡ਼ਾ ਇਸ਼ਕ ਕਮਾਇਆ
ਰੱਬ ਨਾਲ ਗੱਲਾਂ ਕਰਦਾ ਫਿਰਦਾ
ਦੱਸ ਕਦੋਂ ਤੂੰ ਰੱਬ ਧਿਆਇਆ
ਫੋਕੀ ਵਾਹ ਵਾਹ ਦੇ ਚੱਕਰ ਵਿਚ
ਵਾਹ ਵਾਹ ਦਾ ਤੂੰ ਰੱਟਾ ਲਾਇਆ
ਲੱਭ ਲੱਭ ਕੇ ਤਸਵੀਰਾਂ ਲਾਉਨੈਂ
ਕੰਧਾ ਦਾ ਵੀ ਰੂਪ ਗਵਾਇਆ
ਅਜੇ ਵੀ ਹਟਜਾ, ਮੰਨਜਾ ਕਾਫਿਰ,
ਕਿਉਂ ਤੂੰ ਆਪਣਾ ਨਾਮ ਡੁਬਾਇਆ

सवाल

ये जो मसरूफ है तेरी इबादत में,
हर ज़र्रा कायनात का ।
फिर क्यों है गुजश्ता दोज़ख सी,
ज़िन्दगी इंसान की ?

Saturday, July 16, 2016

ਇੱਕ ਚੁੱਪ

ਇੱਕ ਚੁੱਪ ਦਿਲਾਂ ਦਾ ਹਿਸਾਬ
ਇੱਕ ਚੁੱਪ ਜਦੋਂ ਟੁੱਟਦੇ ਖੁਆਬ
ਇੱਕ ਚੁੱਪ ਨੈਣੀਂ ਡੁਲੱਦਾ ਜੋ ਆਬ
ਇੱਕ ਚੁੱਪ ਅੱਖਾਂ ਬਣੀਆਂ ਬੇ ਆਬ
ਇੱਕ ਚੁੱਪ ਬਣੀ ਰੂਹ ਦਾ ਅਜ਼ਾਬ
ਇੱਕ ਚੁੱਪ ਢੁੱਕੀ ਬਣ ਕੇ ਸਵਾਬ
ਇੱਕ ਚੁੱਪ ਮੇਰੀ ਮੈਂ ਦਾ ਨਕਾਬ
ਇੱਕ ਚੁੱਪ ਰੁਸਵਾਈ ਦਾ ਹਿਜਾਬ
ਇੱਕ ਚੁੱਪ ਪੜੇ ਕੋਰੀ ਕਿਤਾਬ
ਇੱਕ ਚੁੱਪ ਸਹੇ ਲਫ਼ਜ਼ਾਂ ਦੀ ਤਾਬ
ਇੱਕ ਚੁੱਪ ਬੇਵਫਾਈ ਦਾ ਖਿਤਾਬ
ਇੱਕ ਚੁੱਪ ਦੂਜੀ ਚੁੱਪ ਦਾ ਜਵਾਬ

Monday, July 11, 2016

ਲਮਹਾ

ਇੱਕ ਲਮਹਾ
ਅੱਜ ਵੀ ਜਿੰਦਾ
ਵਰੇਅਾਂ ਤੋਂ ਬਾਅਦ ਵੀ
ਮੇਰਾ ਇੱਕ ਸਵਾਲ
ਤੇਰਾ ਇੱਕ ਜਵਾਬ
ਬਾਕੀ ਨੇ ਅਜੇ
ਮੇਰੇ ਮਹਬੂਬ
ਕਿੱਥੇ ਹੈਂ ਤੂੰ
ਦੁਨੀਆਂ ਦੀ ਭੀਡ਼ ਵਿੱਚ
ਉਮਰਾਂ ਦਾ ਇੰਤਜ਼ਾਰ
ਸਬਰਾਂ ਦੀ ਇੰਤੇਹਾ
ਰੂਹ ਤੇ ਭਾਰੂ ਏ
ਸੋਚਾਂ ਦੇ ਵਾਵਰੋਲੇ
ਤੇ ਖਵਾਬਾਂ ਦੇ ਉਹ ਦੀਦਾਰ
ਕੀ ਇਹੋ ਹਾਸਲ ਹੈ
ਤੇਰੀ ਮੇਰੀ ਮੁਹਬੱਤ ਦਾ

Saturday, July 9, 2016

ਮੇਰੇ ਮੋਲਾ

ਮੇਰੇ ਮੋਲਾ
ਚਲ ਆਪਾਂ ਦੋ ਗੱਲਾਂ ਕਰੀਏ
ਛੱਡ ਕੇ ਸੁਰਗ ਨਰਕ ਦੀ ਗੱਲਾਂ
ਲੱਖ ਚੁਰਾਸੀ ਜੂਨ ਦੀ ਛੱਲਾਂ
ਤੂੰ ਵੀ ਕੱਲਾ ਮੈਂ ਵੀ ਕੱਲਾ
ਚੱਲ ਆਪਾਂ ਦੋ ਗੱਲਾਂ ਕਰੀਏ
ਨਾ ਵਿੱਚ ਕੋਈ ਕਾਸਿਦ ਤੇਰਾ
ਨਾ ਹੀ ਕੋਈ ਭਰਮ ਦਾ ਫੇਰਾ
ਨਾ ਕੁੱਝ ਤੇਰਾ ਨਾ ਕੁੱਝ ਮੇਰਾ
ਚੱਲ ਆਪਾਂ ਦੋ ਗੱਲਾਂ ਕਰੀਏ
ਨਾ ਮੇਰੇ ਸਿਰ ਵਿੱਚ ਮੇਰੀ ਮੈਂ
ਨਾ ਤੇਰੇ ਦਿਲ ਵਿੱਚ ਅਜ਼ਮਤ ਤੇਰੀ
ਮੈਂ ਖਾਲਿਕ ਦਾ ਖਲਕਤ ਤੇਰੀ
ਚੱਲ ਆਪਾਂ ਦੋ ਗੱਲਾਂ ਕਰੀਏ
ਤੂੰ ਮੈਂ ਦੇ ਵਿੱਚ ਫਰਕ ਨਾ ਕੋਈ
ਫਰਕ ਇਹ ਪੈਦਾ ਕਿਥੋਂ ਹੋਇਆ
ਤੇਰੀ ਜਾਤ ਸੋ ਮੇਰੀ ਜਾਤ
ਬੇਜਾਤਾ ਵਿੱਚ ਕੋਣ ਖਲੋਅਾ
ਚੱਲ ਆਪਾਂ ਦੋ ਗੱਲਾਂ ਕਰੀਏ
ਤੂੰ ਜਾਣੇ ਜੋ ਦਿਲ ਵਿੱਚ ਸੱਭਦੇ
ਕੁੱਝ ਪਾ ਗਏ ਕੁੱਝ ਫਿਰਦੇ ਲੱਭਦੇ
ਪਰ ਇਸ਼ਕ ਰਕੀਬਾਂ ਨਾਲ ਨੀ ਪੁਗਦੇ
ਚੱਲ ਆਪਾਂ ਦੋ ਗੱਲਾਂ ਕਰੀਏ
ਤੂੰ ਮੇਰਾ ਬਣ ਕੇ ਸਾਮਣੇ ਆ
ਆਪਣੀ ਹੋਂਦ ਜਲਾਲ ਦੇ ਅੰਦਰ
ਕਿਉਂ ਲੱਭਣਾ ਤੈਨੂੰ ਇਨਾਂ ਅੋਖਾ
ਜੇ ਵਸਦਾ ਤੂੰ ਸੱਭਦੇ ਅੰਦਰ
ਚੱਲ ਆਪਾਂ ਦੋ ਗੱਲਾਂ ਕਰੀਏ
ਕੋਈ ਰਾਹ ਇਸ਼ਕ ਦਾ ਵੱਖਰਾ ਦੱਸ
ਜੋ ਹਰ ਮਜ਼ਹਬ ਤੋਂ ਪਾਰ ਹੋਏ
ਜੋ ਰਾਹ ਕਾਫਿਰ ਨੂੰ ਦੱਸੇ ਦੂਨਿਆਂ
ਉਸ ਰਾਹ ਤੇ ਤਾਂ ਸੱਭ ਖੁਆਰ ਹੋਏ
ਚੱਲ ਆਪਾਂ ਕੁੱਝ ਗੱਲਾਂ ਕਰੀਏ

ਜਗਜੀਤ ਸਿੰਘ ਕਾਫਿਰ
10/07/2016

Monday, July 4, 2016

ਗੁਨਾਹ

ਗੁਨਾਹ
ਕੌਣ ਇਸ ਤੋਂ ਵਾਂਝਾ
ਹਕੀਕੀ ਜਾਂ ਮਜਾਜੀ
ਕਿਉਂ ਇਸ ਤੋਂ ਸ਼ਰਮਸਾਰ ਹੋਣਾ
ਇਹ ਵਜੂਦ ਦਾ ਹਿੱਸਾ
ਮੈਂ ਤਾਂ ਨਹੀਂ
ਕੀ ਤੂੰ ਹੈਂ ਮੇਰੇ ਨਦੀਮ
ਪੁੱਛ ਆਪਣੀ ਰੂਹ ਤੋਂ
ਉਹ ਲੱਜਤ ਉਹ ਖੁਮਾਰ
ਇੱਕ ਪਲ ਦੀ ਜਿੰਦਗੀ
ਵੱਡੀ ਹੈ ਉਮਰ ਦੀ ਭਟਕਣ ਤੋਂ
ਇਹੋ ਤਾਂ ਸਰਮਾਯਾ ਹੈ
ਤੇਰੀ ਮੇਰੀ ਹੌਦ ਦਾ